Punjabi Poem
ਵਾਹ!
ਹੁਣੇ ਸਾਡੀ ਮੁਲਾਕਾਤ ਹੋਈ;
ਲੱਗਾ ਜਿਵੇਂ ਜਨਮਾਂ ਦੀ ਸਾਂਝ ਹੋਵੇ,
ਲੱਗਾ ਜਿਵੇਂ ਮੈਂ ਉਸਦਾ ਗ਼ੁਲਾਮ ਹੋਵਾਂ,
ਅਜਿਹੀ ਬਣਤਰ ਮੈਂ ਕਦੀ ਨਹੀਂ ਵੇਖੀ।
ਵਾਹ!
ਉਸਦੇ ਤੇਜ ਨਾਲ
ਮੈਂ ਅੱਖਾਂ ਮੀਟਣ ਤੇ ਮਜਬੂਰ।
ਉਸਦੇ ਰੂਪ ਨੂੰ
ਸਦੀਆਂ ਲਈ ਵੇਖ ਸਕਦਾ ਹਾਂ।
ਉਸਦੀਆਂ ਜ਼ੁਲਫਾਂ ਦੀ ਛਾਂ ਵਿਚ
ਮੌਤ ਦਾ ਵੀ ਖ਼ੌਫ ਨਹੀਂ।
ਉਸਦੀ ਸੇਵਾ ਵਿੱਚ ਮੇਰੀ ਜ਼ਿੰਦਗੀ
ਸ਼ਾਇਦ ਕਾਫੀ ਨਹੀਂ।
ਵਾਹ!
ਪਰ ਮੈਂ ਉਸਨੂੰ ਜਾਣਦਾ ਨਹੀਂ।
ਮੈਂ ਜਿਸਨੂੰ ਆਪਣੇ ਦਿਲ ਵਿੱਚ ਚਿੱਤਰਿਆ ਹੈ
ਇਹ ਉਹ ਨਹੀਂ ਹੋ ਸਕਦੀ।
ਇਸਦਾ ਮਿਜਾਜ਼, ਇਸ ਦੀ ਬਣਤਰ ਤਾਂ
ਆਕਰਸ਼ਕ ਨੇ।
ਮੇਰੇ ਖ਼ੁਆਬਾਂ ਦੀ ਰਾਣੀ ਤਾਂ
ਬੇਢੰਗੀ ਜਿਹੀ,
ਖਿਲਰੇ ਜਿਹੇ ਵਾਲਾਂ ਵਾਲੀ,
‘ਕਮਲੀ’ ਜਿਹੀ;
ਇਹ ਮੇਰੀ ਕਵਿਤਾ ਨਹੀਂ ਹੋ ਸਕਦੀ।
ਮੇਰੀ ਕਲਮ ਨੂੰ ਹਾਲੇ ਇਹ ਰੂਪ ਚਿੱਤਰਨਾ ਨਹੀਂ ਆਇਆ।
ਕੌਣ ਹੈਂ ਤੂੰ?
ਕੌਣ?
ਨਹੀਂ ਇਹ ਕੁੜੀ ਮੇਰੀ ਨਹੀਂ ਹੋ ਸਕਦੀ।…