Punjabi Poem
ਅੱਜ ਹਰ ਵਾਰ ਦੀ ਤਰਾਂ
ਅੱਖਾਂ ਵਿੱਚ ਹੰਝੂ ਲੈ ਕੇ,
ਆਪਣੇ ਨਾਲ ਬੋਲੇ
ਝੂਠਾਂ ਤੋਂ ਬਚਣ ਲਈ,
ਆਪਣੀਆਂ ਗਲਤੀਆਂ ਨੂੰ
ਛੁਪਾਉਣ ਦੀ ਕੋਸ਼ਿਸ਼ ਕਰਦਿਆਂ,
ਮੈਂ ਇੱਕ ਵਾਰ ਫ਼ਿਰ ਕਲਮ ਚੁੱਕੀ।
ਦਿਮਾਗ ਵਿੱਚ ਘੁੰਮ ਰਹੇ
ਉਸਦੇ ਖ਼ਿਆਲਾਂ ਨੂੰ,
ਉਸਦੀਆਂ ਯਾਦਾਂ ਨੂੰ,
ਕਾਗਜ਼ ’ਤੇ ਉਤਾਰਨ ਦੀ ਆਸ ਲੈ ਕੇ,
ਮੈਂ ਇੱਕ ਵਾਰ ਫ਼ਿਰ ਕਲਮ ਚੁੱਕੀ।
ਪਰ ਹਿੰਮਤ ਨਹੀਂ ਹੋਈ
ਉਸਨੂੰ ਬੇਵਫਾ ਕਹਿਣ ਦੀ।
ਸਹੀ ਸੀ ਉਹ ਤਾਂ,
ਉਸਨੇ ਤਾਂ ਕਦੀ ਵੀ
ਕੋਈ ਵਾਅਦਾ ਨਹੀਂ ਸੀ ਕੀਤਾ,
ਮੈਂ ਹੀ ਨਾਦਾਨ
ਉਸਨੂੰ ਦਿਲ ਦਾ ਮਹਿਰਮ ਬਣਾ ਬੈਠਾ ਸਾਂ।
ਪਰ ਹਿੰਮਤ ਨਹੀਂ ਹੋਈ,
ਖ਼ੁਦ ਨੂੰ ਆਪਣੇ ਹੀ
ਹੰਝੂਆਂ ਦਾ ਜ਼ਿੰਮੇਦਾਰ ਕਹਿਣ ਦੀ।
ਅਚਾਨਕ!
ਮੇਰੀ ਅੱਖ ‘ਚੋਂ
ਇੱਕ ਹੰਝੂ ਡਿੱਗਿਆ,
’ਤੇ ਉਸ ਵਿੱਚ
ਮੈਨੂੰ ‘ਉਸਦਾ’ ਚਹਿਰ ਦਿਖਿਆ,
ਮੈਨੂੰ ਆਪਣਾ ਚਹਿਰਾ ਦਿਖਿਆ
ਜੋ ਸਦਾ ‘ਸੱਚ’ ਲਿਖਣ ਦੀ ਦਲੀਲ ਦਿੰਦਾ ਸੀ,
’ਤੇ ਹੁਣ ਮੈਂ ਭਾਲ ਰਿਹਾ ਸੀ
ਉਹਨਾਂ ਖੋਖਲੀਆਂ ਦਲੀਲਾਂ ਦੀ
ਬੁਨਿਆਦ;
’ਤੇ ਪਤਾ ਨਹੀਂ ਕਿਉਂ?
ਮੇਰੇ ਹੱਥ ਵਿੱਚ
ਕਲਮ ਦਾ ਜਿਵੇਂ
ਸਾਹ ਘੁੱਟ ਰਿਹਾ ਸੀ;
’ਤੇ ਉਸਨੇ ਮੇਰੇ ਹੱਥ ’ਚੋਂ
ਡਿੱਗਣਾ ਹੀ ਠੀਕ ਸਮਝਿਆ॥