Punjabi Poem
ਕਿੰਨਾ ਚੰਗਾ ਹੁੰਦਾ
ਜੇ ਤੂੰ ਸਮਝਦੀ,
ਜੋ ਮੈਂ ਵੇਖ ਸਕਦਾ ਹਾਂl
ਤੇਰੇ ਕਾਲੇ ਵਾਲਾਂ ਵਿਚ ਕੈਦ,
ਉਹ ਰਾਤ ਦਾ ਹਨੇਰਾ
‘ਤੇ ਚੰਨ ਵਾਂਗ ਚਮਕਦਾ ਤੇਰਾ ਚਹਿਰਾl
ਮੈਂ ਵੇਖ ਸਕਦਾ ਹਾਂ,
ਪਰ ਕਿੰਨਾ ਚੰਗਾ ਹੁੰਦਾ
ਜੇ ਤੂੰ…
ਉਹਨਾਂ ਨਸ਼ੀਲੀਆਂ ਅੱਖਾਂ ਵਿਚ ਡੁੱਬਦਿਆਂ,
ਮੈਂ ਮਹਿਸੂਸ ਕਰ ਸਕਦਾ ਹਾਂ,
ਇੱਕ ਅਜੀਬ ਜਿਹੀ ਖ਼ੁਸ਼ੀ,
ਇੱਕ ਅਲੱਗ ਜਿਹਾ ਨਸ਼ਾ,
ਪਰ ਕਿੰਨਾ ਚੰਗਾ ਹੁੰਦਾ,
ਜੇ ਤੂੰ ਵੀ…
ਤੇਰਾ ਉਹ ਧੁੱਪ ਵਿੱਚ ਅੱਖਾਂ ਮੀਟਣਾ,
‘ਤੇ ਉਸ ਪਿੱਛੋਂ ਸੂਰਜ ਦੀ
ਮੱਠੀ ਪੈਂਦੀ ਅੱਗ,
ਮੈਂ ਵੇਖ ਸਕਦਾ ਹਾਂ,
ਪਰ ਕਾਸ਼ ਤੂੰ…
ਮੇਰੇ ਪੈਰਾਂ ਹੇਠ ਆਈ
ਬੰਜਰ ਜ਼ਮੀਨ ‘ਤੇ
ਜਦ ਤੇਰਾ ਪੈਰ ਪੈਂਦਾ ਹੈ,
ਉੱਥੇ ਉੱਗੇ ਫੁੱਲ,
ਮੈਂ ਵੇਖ ਸਕਦਾ ਹਾਂl
ਤੇਰੇ ਮੱਥੇ ਤੇ ਆਇਆ
ਪਸੀਨਾ ਪੂੰਝਣ ਲਈ,
ਮੇਰੇ ਤੋਂ ਪਹਿਲਾਂ ਆਉਂਦਾ
ਉਹ ਠੰਡੀ ਹਵਾ ਦਾ ਬੁੱਲਾ,
ਮੈਂ ਵੇਖ ਸਕਦਾ ਹਾਂ,
ਪਰ ਜੇ ਤੂੰ…
ਤੇਰੇ ਚਹਿਰੇ ‘ਤੇ ਆਈ ਮੁਸਕਰਾਹਟ ਚੋਂ,
ਹਰ ਵਾਰ ਮੈਂ ਵੇਖ ਸਕਦਾ ਹਾਂ,
ਤੇਰੀ ਸੱਚਾਈ,
ਤੇਰੀ ਮਾਸੂਮੀਅਤ,
‘ਤੇ ਤੇਰੇ ਜਾਣ ਪਿੱਛੋਂ
ਮੇਰੇ ਮੂੰਹ ਤੇ ਆਈ,
ਮੌਤ ਰੂਪੀ ਚੁੱਪ,
ਕਿੰਨਾ ਚੰਗਾ ਹੁੰਦਾ,
ਜੇ ਤੂੰ ਸਮਝ ਸਕਦੀl