ਪੰਜਾਬੀ ਪਹੇਲੀਆਂ

ਜੇ ਬੁਝੇਂ ਤਾਂ ਜਾਣਾ (ਬੁਝਾਰਤਾਂ)

1.    ਬਾਹਰੋਂ ਆਇਆ ਬਾਬਾ ਲਸ਼ਕਰੀ

ਜਾਂਦਾ ਜਾਂਦਾ ਕਰ ਗਿਆ ਮਸ਼ਕਰੀ।

2.    ਇਸ ਰਾਜੇ ਦੀ ਅਨੋਖੀ ਰਾਣੀ

ਦੁੰਬ ਦੇ ਰਸਤੇ ਪੀਂਦੀ ਪਾਣੀ।

3.    ਆਈ ਸੀ, ਪਰ ਦੇਖੀ ਨਹੀਂ।

4.    ਚਿੱਟੀ ਇਮਾਰਤ ਬੂਹਾ ਕੋਈ ਨਾ।

5.    ਲੱਗ ਲੱਗ ਕਹੇ ਨਾ ਲੱਗਦੇ,

ਬਿਨ ਆਖੇ ਲੱਗ ਜਾਂਦੇ,

ਮਾਮੇ ਨੂੰ ਲਗਦੇ ਤਾਏ ਨੂੰ ਰਹਿ ਜਾਂਦੇ।

6.    ਚੜ੍ਹ ਚੱਕੀ ਤੇ ਬੈਠੀ ਰਾਣੀ

ਸਿਰ ਤੇ ਅੱਗ ਬਦਨ ਤੇ ਪਾਣੀ।

7.    ਊਠ ਦੀ ਬਹਿਣੀ ਹਰਨ ਦੀ ਚਾਲ,

ਕਿਹੜਾ ਜਾਨਵਰ ਜਿਸਦੀ ਪੂਛ ਨਹੀਂ ਨਾਲ।

8.    ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀ ਜਾਂਦੇ ਨੇ,

ਰਾਜਾ ਪੁੱਛੇ ਰਾਣੀ ਨੂੰ ਜਨੌਰ ਕਿਹੜੇ ਜਾਂਦੇ ਨੇ।

9.    ਏਨੀ ਕੁ ਡੱਡ, ਕਦੀ ਨਾਲ ਕਦੀ ਅੱਡ।

10.  ਦੋ ਆਰ ਦੀਆਂ ਦੋ ਪਾਰ ਦੀਆਂ,

ਧੀਆਂ ਸ਼ਾਹੂਕਾਰ ਦੀਆਂ,

ਬਾਗਾਂ ਵਿੱਚ ਕਸੀਦਾ ਕੱਢਣ,

ਆਉਂਦੇ ਜਾਂਦੇ ਨੂੰ ਮਾਰਦੀਆਂ।

11.  ਕਾਲਾ ਹੈ ਪਰ ਕਾਗ ਨਹੀਂ,

ਲੰਮਾ ਹੈ ਪਰ ਨਾਗ ਨਹੀਂ।

12.  ਬੱਟ ਤੇ ਟਾਂਡਾ, ਸਭ ਦਾ ਸਾਂਝਾ।

13.  ਸੋਲਾਂ ਧੀਆਂ, ਚਾਰ ਜਵਾਈ।

14.  ਅੱਠ ਹੱਡ ਬੱਬਾਂ ਆਂਦਰਾਂ ਦਾ,

ਜਿਹੜਾ ਮੇਰੀ ਬਾਤ ਨਾ ਬੁੱਝੇ,

ਉੱਹ ਪੁੱਤ ਬਾਂਦਰਾਂ ਦਾ।

15.  ਤਲੀ ਉਤੇ ਕਬੂਤਰ ਨੱਚੇ।

16.  ਇੱਕ ਨਿੱਕਾ ਜਿਹਾ ਪਟਵਾਰੀ,

ਉਹਦੀ ਸੁੱਥਣ ਬਹੁਤੀ ਭਾਰੀ।

17.   ਹਾਬੜ ਦਾਬੜ ਪਈ ਕੁੜੇ,

ਪੜ ਥੱਲੇ ਕਿਧਰ ਗਈ ਕੁੜੇ।

18.   ਡਿੰਗ ਬੜਿੰਗ ਲੱਕੜੀ,

ਕਲਕੱਤਿਉਂ ਟੁਰੀ ਪਿਸ਼ਾਵਰ ਅਪੜੀ।

19.    ਅੰਦਰ ਭੂਟੋ, ਬਾਹਰ ਭੂਟੋ, ਛੂਹ ਭੂਟੋ।

20.    ਐਡੀ ਕੂ ਟਾਟ, ਭਰੀ ਸਬਾਤ।

21.    ਰਾਹ ਦਾ ਡੱਬਾ, ਚੁੱਕਿਆ ਨਾ ਜਾਵੇ,

ਹਾਏ ਵੇ ਰੱਬਾ।

22.    ਉਠਣੀ ਮੋਲਣੀ, ਦਰਾਂ ਚ ਖੋਲ੍ਹਣੀ।

23.    ਸਬਜ਼ ਕਟੋਰੀ ਮਿੱਠਾ ਭੱਤ,

ਲੁੱਟੋ ਸਹੀਓ ਹੱਥੋ ਹੱਥ।

24.    ਇੱਕ ਨਾਰੀ ਦੋ ਸਨ ਬਾਲਕ,

ਦੋਵਾਂ ਦਾ ਇਕੋ ਰੰਗ।

ਇੱਕ ਘੰਮਦਾ ਇੱਕ ਖੜ੍ਹਾ ਰਹਿੰਦਾ,

ਤਾਂ ਵੀ ਦੋਨੋ ਰਹਿਣ ਸੰਗ।

25.     ਮਾਂ ਜੰਮੀ ਨੀਂ, ਪੁੱਤ ਬਨੇਰੇ ਬੈਠਾ।

26.     ਸਈਓ ਨੀ ਇੱਕ ਡਿੱਠੇ ਮੋਤੀ,

ਵਿੰਨ੍ਹਦਿਆਂ ਵਿੰਨ੍ਹਦਿਆਂ ਝੜ ਗਏ,

ਮੈਂ ਰਹੀ ਖਲੋਤੀ।

27.     ਇੱਕ ਬਰੂਟੀ ਝੁਰਮਣ ਝੂਟੀ,

ਫ਼ਲ ਵੰਨਾਂ ਵੰਨਾਂ ਦਾ।

ਜਦੋਂ ਬਰੂਟੀ ਪਕੱਣ ਲੱਗੀ,

ਝੁਰਮਟ ਪੈ ਜਾਏ ਰੰਨਾ ਦਾ।

28.      ਸਭ ਤੋਂ ਪਹਿਲਾਂ ਮੈਂ ਜਮਿੰਆਂ, ਫੇਰ ਮੇਰਾ ਭਾਈ।

ਖਿੱਚ ਧੂ ਕੇ ਬਾਪੂ ਜਮਿੰਆਂ, ਪਿੱਛੋਂ ਸਾਡੀ ਮਾਈ।

29.      ਦੋ ਗਲੀਆਂ ਇੱਕ ਬਾਜ਼ਾਰ,

ਵਿਚੋਂ ਨਿਕਲਿਆ ਥਾਣੇਦਾਰ,

ਚੁੱਕ ਕੇ ਮਾਰੋ ਕੰਧ ਦੇ ਨਾਲ।

30.      ਨਿੱਕੀ ਜਿਹੀ ਇੱਕ ਡਿੱਠੀ ਜਾਨ,

ਤਾਕਤ ਵੇਖ ਹੋਏ ਹੈਰਾਨ,

ਹੇ ਰੱਬਾ ਉਹਨੂੰ ਤੇਰੀ ਪੁਸ਼ਤੀ,

ਨਾਲ ਸ਼ਤੀਰਾ ਕਰਦੀ ਕੁਸ਼ਤੀ।

31.      ਵੀਹਾਂ ਦਾ ਸਿਰ ਕੱਟ-ਕੱਟ ਲੀਤਾ,

ਪਰ ਨਾ ਮਾਰਿਆ, ਖ਼ੂਨ ਨਾ ਕੀਤਾ।

32.     ਹਾਥੀ ਘੋੜਾ ਊਠ ਨਹੀਂ,

ਖਾਵੇ ਨਾ ਦਾਣਾ ਘਾਸ,

ਸਦਾ ਹਵਾ ਤੇ ਹੀ ਰਹੇ,

ਹੋਏ ਨਾ ਕਦੀ ਉਦਾਸ।

33.     ਕੌਲ ਫੁੱਲ, ਕੌਲ ਫੁੱਲ, ਫੁੱਲ ਦਾ ਹਜ਼ਾਰ ਮੁੱਲ,

ਕਿਸੇ ਕੋਲ ਅੱਧਾ, ਕਿਸੇ ਕੋਲ ਸਾਰਾ,

ਕਿਸੇ ਕੋਲ ਹੈ ਨੀ ਵਿਚਾਰਾ।

34.      ਬੀਜੇ ਰੋੜ, ਜੰਮੇ ਝਾੜ,

ਲੱਗੇ ਨਿੰਬੂ ਖਿੜੇ ਅਨਾਰ।

 

ਕੁੰਜੀ—1. (ਭੁੰਡ) 2. (ਦੀਵਾ) 3. (ਨੀਂਦ) 4. (ਆਂਡਾ) 5. (ਬੁੱਲ੍ਹ) 6. (ਹੁੱਕਾ) 7.(ਡੱਡੂ) 8. (ਰੇਲ ਗੱਡੀ ਦੇ ਡੱਬੇ) 9. (ਕੁੰਜੀ) 10. (ਸੂਲਾਂ) 11. (ਪਰਾਂਦਾ) 12. (ਹੁੱਕਾ) 13. (ਊਂਗਲਾਂ ਤੇ ਅੰਗੂਠੇ) 14. (ਮੰਜਾ) 15. (ਆਟੇ ਦਾ ਪੇੜਾ) 16. (ਅਟੇਰਨ) 17. (ਕੜਛੀ) 18. (ਸੜਕ) 19. (ਝਾੜੂ) 20. (ਦੀਵਾ) 21.(ਕੁੱਪ) 22. (ਜੁੱਤੀ) 23. (ਖ਼ਰਬੂਜਾ) 24. ( ਚੱਕੀ ਦੇ ਪੁੜ) 25. (ਅੱਗ ਤੇ ਧੁੰਆਂ) 26. (ਤਰੇਲ ਦੇ ਤੁਪਕੇ) 27. (ਤੰਦੂਰ) 28. (ਦੁੱਧ, ਦਹੀਂ, ਮੱਖਣ ਤੇ ਲੱਸੀ) 29. (ਵਗਦਾ ਨੱਕ) 30. ( ਕੋਹੜ ਕਿਰਲੀ) 31. (ਨਹੂੰ) 32. (ਸਾਈਕਲ) 33. (ਮਾਂ-ਪਿਓ) 34. (ਕਪਾਹ)

Leave a Reply

This site uses Akismet to reduce spam. Learn how your comment data is processed.