ਆਪਣੇ ਸੰਗ ਰਲਾਈ ਪਿਆਰੇ, ਆਪਣੇ ਸੰਗ ਰਲਾਈ ।
ਪਹਿਲੋਂ ਨੇਹੁੰ ਲਗਾਇਆ ਸੀ ਤੈਂ, ਆਪੇ ਚਾਈਂ ਚਾਈਂ ।
ਮੈਂ ਪਾਇਆ ਏ ਕਿ ਤੁੱਧ ਲਾਇਆ, ਆਪਣੀ ਓੜ ਨਿਭਾਈ ।
ਰਾਹ ਪਵਾਂ ਤਾਂ ਧਾੜੇ ਬੇਲੇ, ਜੰਗਲ ਲੱਖ ਬਲਾਈਂ ।
ਭੌਂਕਣ ਚੀਤੇ ਤੇ ਚੀਤਮਚਿੱਤੇ, ਭੌਂਕਣ ਕਰਨ ਅਦਾਈ ।
ਪਾਰ ਤੇਰੇ ਜਗਤਾਰ ਚੜ੍ਹਿਆ, ਕੰਢੇ ਲੱਖ ਬਲਾਈ ।
ਹੌਲ ਦਿਲੀ ਦਾ ਥਰ ਥਰ ਕੰਬਦਾ, ਬੇੜਾ ਪਾਰ ਲੰਘਾਈ ।
ਕਰ ਲਈ ਬੰਦਗੀ ਰੱਬ ਸੱਚੇ ਦੀ, ਪਵਣ ਕਬੂਲ ਦੂਆਈ ।
ਬੁਲ੍ਹੇ ਸ਼ਾਹ ਤੇ ਸ਼ਾਹਾਂ ਦਾ ਮੁੱਖੜਾ, ਘੁੱਗਟ ਖੋਲ੍ਹ ਵਿਖਾਈ ।
ਆਪਣੇ ਸੰਗ ਰਲਾਈਂ ਪਿਆਰੇ, ਆਪਣੇ ਸੰਗ ਰਲਾਈਂ ।