ਇਲਮੋਂ ਬੱਸ ਕਰੀਂ ਓ ਯਾਰ । ਟੇਕ ।
ਇਲਮ ਨਾ ਆਵੇ ਵਿਚ ਸ਼ਮਾਰ, ਇੱਕੋ ਅਲਫ਼ ਤੇਰੇ ਦਰਕਾਰ ।
ਜਾਂਦੀ ਉਮਰ ਨਹੀਂ ਇਤਬਾਰ, ਇਲਮੋਂ ਬੱਸ ਕਰੀਂ ਓ ਯਾਰ ।
ਪੜ੍ਹ ਪੜ੍ਹ ਇਲਮ ਲਗਾਵੇਂ ਢੇਰ, ਕੁਰਾਨ ਕਿਤਾਬਾਂ ਚਾਰ ਚੁਫੇਰ ।
ਗਿਰਦੇ ਚਾਨਣ ਵਿਚ ਅਨ੍ਹੇਰ, ਬਾਝੋਂ ਰਾਹਬਰ ਖ਼ਬਰ ਨਾ ਸਾਰ ।
ਪੜ੍ਹ ਪੜ੍ਹ ਸ਼ੇਖ ਮਸ਼ਾਇਖ਼ ਹੋਇਆ, ਭਰ ਭਰ ਪੇਟ ਨੀਂਦਰ ਭਰ ਸੋਇਆ ।
ਜਾਂਦੀ ਵਾਰੀ ਨੈਣ ਭਰ ਰੋਇਆ, ਡੁੱਬਾ ਵਿਚ ਉਰਾਰ ਨਾ ਪਾਰ ।
ਪੜ੍ਹ ਪੜ੍ਹ ਇਲਮ ਹੋਇਆ ਬੌਰਾਨਾ, ਬੇ ਇਲਮਾਂ ਨੂੰ ਲੁੱਟ ਲੁੱਟ ਖਾਣਾ ।
ਏਹ ਕੀ ਕੀਤਾ ਯਾਰ ਬਹਾਨਾ, ਕਰੇਂ ਨਾਹੀਂ ਕਦੇ ਇਨਕਾਰ ।
ਪੜ੍ਹ ਪੜ੍ਹ ਨਫ਼ਲ ਨਮਾਜ਼ ਗੁਜਾਰੇਂ, ਉੱਚੀਆਂ ਬਾਂਗਾਂ ਚਾਂਘਾਂ ਮਾਰੇ ।
ਮੰਬਰ ਚੜ੍ਹ ਕੇ ਵਾਅਜ਼ ਪੁਕਾਰੇਂ, ਤੈਨੂੰ ਕੀਤਾ ਹਿਰਸ ਖੁਆਰ ।
ਪੜ੍ਹ ਪੜ੍ਹ ਮੁੱਲਾਂ ਹੋਇ ਕਾਜੀ, ਅੱਲਾਹ ਇਲਮਾਂ ਬਾਝੋਂ ਰਾਜੀ ।
ਹੋਵੇ ਹਿਰਸ ਦਿਨੋਂ ਦਿਨ ਤਾਜੀ, ਨਫਾ ਨੀਅਤ ਵਿਚ ਗੁਜਾਰ ।
ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇਂ, ਖਾਣਾ ਸ਼ਕ ਸ਼ੁਬਹ ਦਾ ਖਾਵੇਂ ।
ਦੱਸੇਂ ਹੋਰ ਤੇ ਹੋਰ ਕਮਾਵੇਂ, ਅੰਦਰ ਖੋਟ ਬਾਹਰ ਸੱਚਿਆਰ ।
ਪੜ੍ਹ ਪੜ੍ਹ ਇਲਮ ਨਜੂਮ ਬਿਚਾਰੇਂ, ਗਿਣਦਾ ਰਾਸਾਂ ਬੁਰਜ ਸਤਾਰੇ ।
ਪੜ੍ਹੇ ਅਜੀਮਤਾਂ ਮੰਤਰ ਝਾੜੇ, ਅਬਜਦ ਗਿਣੇ ਤਾਅਵੀਜ਼ ਸ਼ੁਮਾਰ ।
ਇਲਮੋਂ ਪਏ ਕਜੀਏ ਹੋਰ, ਅੱਖੀਂ ਵਾਲੇ ਅੰਨ੍ਹੇ ਕੋਰ ।
ਫੜੇ ਸਾਧ ਤੇ ਛੱਡੇ ਚੋਰ, ਦੋਹੀਂ ਜਹਾਨੀਂ ਹੋਇਆ ਖੁਆਰ ।
ਇਲਮੋਂ ਪਏ ਹਜਾਰਾਂ ਫਸਤੇ, ਰਾਹੀ ਅਟਕ ਰਹੇ ਵਿਚ ਰਸਤੇ ।
ਮਾਰਿਆ ਹਿਜਰ ਹੋਏ ਦਿਲ ਖਸਤੇ, ਪਿਆ ਵਿਛੋੜੇ ਦਾ ਸਿਰ ਭਾਰ ।
ਇਲਮੋਂ ਮੀਆਂ ਜੀ ਕਹਾਵੇਂ, ਤੰਬਾ ਚੁੱਕ ਚੁੱਕ ਮੰਡੀ ਜਾਵੇਂ ।
ਧੇਲਾ ਲੈ ਕੇ ਛੁਰੀ ਚਲਾਵੇਂ, ਨਾਲ ਕਸਾਈਆਂ ਬਹੁਤ ਪਿਆਰ ।
ਬਹੁਤਾ ਇਲਮ ਅਜਾਜੀਲ ਲੇ ਪੜ੍ਹਿਆ, ਝੁੱਗਾ ਝਾਹਾ ਓਸੇ ਦਾ ਸੜਿਆ ।
ਗੱਲ ਵਿਚ ਤੌਕ ਲਾਅਨਤ ਦਾ ਪੜਿਆ, ਆਖਿਰ ਗਿਆ ਉਹ ਬਾਜੀ ਹਾਰ ।
ਜਦ ਮੈਂ ਸਬਕ ਇਸ਼ਕ ਦਾ ਪੜ੍ਹਿਆ, ਦਰਿਆ ਵੇਖ ਵਹਦਤ ਦਾ ਵੜਿਆ ।
ਘੁੰਮਣ ਘੇਰਾਂ ਦੇ ਵਿਚ ਅੜਿਆ, ਸ਼ਾਹ ਅਨਾਇਤ ਲਾਇਆ ਪਾਰ ।
ਬੁੱਲਾ ਨਾ ਰਾਫ਼ਜੀ ਹੈ ਨਾ ਸੁੰਨੀ, ਆਲਮ ਫਾਜ਼ਲ ਨਾ ਆਲਮ ਜੁੰਨੀ ।
ਇਕੋ ਚੜ੍ਹਿਆ ਇਲਮ ਲਦੂੰਨੀ, ਵਾਹਦ ਅਲਫ਼ ਮੀਮ ਦਰਕਾਰ ।