ਇਸ਼ਕ ਦੀ ਨਵੀਉਂ ਨਵੀਂ ਬਹਾਰ।
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਂਲੋਂ ਜੀਉੜਾ ਡਰਿਆ।
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜਾਰ।
ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਨਾ ਤੋਤਾ ਮਾਰ ਗਵਾਈ।
ਅੰਦਰ ਬਾਹਰ ਹੋਈ ਸਫਾਈ, ਜਿੱਤ ਵਲ ਵੇਖਾ ਯਾਰੋ ਯਾਰ।
ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਢੂੰਡੇਂਦੀ ਬੇਲੇ।
ਰਾਂਝਾ ਯਾਰ ਬੁੱਕਲ ਵਿਚ ਖੇਲੇ, ਮੈਨੂੰ ਸੁੱਧ ਰਹੀ ਨਾ ਸਾਰ।
ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸੱਜਦੇ ਕਰਦਿਆਂ ਘੱਸ ਗਏ ਮੱਥੇ।
ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਸ ਪਾਯਾ ਤਿਸ ਨੂਰ ਅਨਵਾਰ।
ਫੂਕ ਮੁਸੱਲਾ ਭੰਨ ਸੁੱਟ ਲੋਟਾ, ਨਾ ਫੜ ਤਸਬੀ ਕਾਸਾ ਸੋਟਾ।
ਆਸ਼ਕ ਕਹਿੰਦੇ ਦੇ ਦੇ ਹੋਕਾ, ਤਰਕ ਹਲਾਲੋਂ ਖਾਹ ਮੁਰਦਾਰ।
ਉਮਰ ਗਵਾਹੀ ਵਿਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ।
ਕਦੇ ਨਮਾਜ਼ ਤੌਹੀਦ ਨਾ ਕੀਤੀ, ਹੁਣ ਕੀ ਕਰਨਾ ਏਂ ਸ਼ੋਰ ਪੁਕਾਰ।
ਇਸ਼ਕ ਭੁਲਾਇਆ ਸਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇਂ ਝੇੜਾ।
ਬੁਲ੍ਹਾ ਹੁੰਦਾ ਚੁੱਪ ਬਥੇਰਾ, ਇਸ਼ਕ ਕਰੇਂਦਾ ਮਾਰੋ ਮਾਰ।
ਇਸ਼ਕ ਦੀ……..