ਇਸ਼ਕ ਦੀ ਨਵੀਉਂ ਨਵੀਂ ਬਹਾਰ ।
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਉੜਾ ਡਰਿਆ ।
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜਾਰ ।
ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਨਾ ਤੋਤਾ ਮਾਰ ਗਵਾਈ ।
ਅੰਦਰ ਬਾਹਰ ਹੋਈ ਸਫਾਈ, ਜਿੱਤ ਵਲ ਵੇਖਾਂ ਯਾਰੋ ਯਾਰ ।
ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਢੂੰਡੇਂਦੀ ਬੇਲੇ ।
ਰਾਂਝਾ ਯਾਰ ਬੁੱਕਲ ਵਿਚ ਖੇਲੇ, ਮੈਨੂੰ ਸੁੱਧ ਰਹੀ ਨਾ ਸਾਰ ।
ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸੱਜਦੇ ਕਰਦਿਆਂ ਘੱਸ ਗਏ ਮੱਥੇ ।
ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਸ ਪਾਯਾ ਤਿਸ ਨੂਰ ਅਨਵਾਰ ।
ਫੂਕ ਮੁਸੱਲਾ ਭੰਨ ਸੁੱਟ ਲੋਟਾ, ਨਾ ਫੜ ਤਸਬੀ ਕਾਸਾ ਸੋਟਾ ।
ਆਸ਼ਕ ਕਹਿੰਦੇ ਦੇ ਦੇ ਹੋਕਾ, ਤਰਕ ਹਲਾਲੋਂ ਖਾਹ ਮੁਰਦਾਰ ।
ਉਮਰ ਗਵਾਹੀ ਵਿਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ ।
ਕਦੇ ਨਮਾਜ਼ ਤੋਹੀਦ ਨਾ ਕੀਤੀ, ਹੁਣ ਕੀ ਕਰਨਾ ਏਂ ਸ਼ੋਰ ਪੁਕਾਰ ।
ਇਸ਼ਕ ਭੁਲਾਇਆ ਸਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇਂ ਝੇੜਾ ।
ਬੁੱਲ੍ਹਾ ਹੁੰਦਾ ਚੁੱਪ ਬਥੇਰਾ, ਇਸ਼ਕ ਕਰੇਂਦਾ ਮਾਰੋ ਮਾਰ । ਇਸ਼ਕ ਦੀ……..