ਕਰ ਕੱਤਣ ਵੱਲ ਧਿਆਨ ਕੁੜੇ । ਟੇਕ ।
ਨਿਤ ਮੱਤੀਂ ਦੇਂਦੀ ਮਾਂ ਧੀਆ, ਕਿਉਂ ਫਿਰਨੀ ਏਂ ਐਂਵੇਂ ਆ ਧੀਆ ।
ਨੀ ਸ਼ਰਮ ਹ੍ਯਾ ਨਾ ਗਵਾ ਧੀਆ, ਤੂੰ ਕਦੀ ਤਾਂ ਸਮਝ ਨਦਾਨ ਕੁੜੇ ।
ਨਹੀਉਂ ਕਦਰ ਮਿਹਨਤ ਦਾ ਪਾਇਆ, ਜਦ ਹੋਇਆ ਕੰਮ ਅਸਾਨ ਕੁੜੇ ।
ਚਰਖਾ ਮੁਫ਼ਤ ਤੇਰੇ ਹੱਥ ਆਇਆ, ਪੱਲਿਉਂ ਨਹੀਉਂ ਕੁਝ ਗਵਾਇਆ ।
ਚਰਖਾ ਬਣਿਆ ਖਾਤਰ ਤੇਰੀ, ਖੇਡਣ ਦੀ ਕਰ ਹਿਰਸ ਥੁਰੇੜੀ ।
ਹੋਣਾ ਨਹੀਉਂ ਹੋਰ ਵਡੇਰੀ, ਮਤ ਕਰ ਕੋਈ ਅਗਿਆਨ ਕੁੜੇ ।
ਚਰਖਾ ਤੇਰਾ ਰੰਗ ਰੰਗੀਲਾ, ਰੀਸ ਕਰੇਂਦਾ ਸਭ ਕਬੀਲਾ ।
ਚਲਦੇ ਚਾਰੇ ਕਰ ਲੈ ਹੀਲਾ, ਹੋ ਘਰ ਦੇ ਵਿਚ ਅਵਾਦਾਨ ਕੁੜੇ ।
ਇਸ ਚਰਖੇ ਦੀ ਕੀਮਤ ਭਾਰੀ, ਤੂੰ ਕੀ ਜਾਣੇਂ ਕਦਰ ਵਗਾਰੀ ।
ਉੱਚੀ ਨਜ਼ਰ ਫਿਰੇਂ ਹੰਕਾਰੀ, ਵਿਚ ਆਪਣੀ ਸ਼ਾਨ ਗੁਮਾਨ ਕੁੜੇ ।
ਮੈਂ ਕੂਕਾਂ ਕਰ ਖਲੀਆਂ ਬਾਹੀਂ, ਨਾ ਹੋ ਗਾਫ਼ਲ ਸਮਝ ਕਦਾਈ ।
ਐਸਾ ਚਰਖਾ ਘੜਨਾ ਨਾਹੀਂ, ਫੇਰ ਕਿਸੇ ਤਰਖਾਣ ਕੁੜੇ ।
ਇਹ ਚਰਖਾ ਤੂੰ ਕਿਉਂ ਗਵਾਯਾ, ਕਿਉਂ ਤੂੰ ਖੇਹ ਦੇ ਵਿਚ ਰੁਲਾਯਾ ।
ਜਦ ਦਾ ਹੱਥ ਤੇਰੇ ਇਹ ਆਯਾ, ਤੂੰ ਕਦੇ ਨਾ ਡਾਹਿਆ ਆਣ ਕੁੜੇ ।
ਨਿੱਤ ਮੱਤੀਂ ਦਿਆਂ ਵਲੱਲੀ ਨੂੰ, ਇਸ ਭੋਲੀ ਕਮਲੀ ਝੱਲੀ ਨੂੰ ।
ਜਦ ਪਵੇਗਾ ਵਖ਼ਤ ਇਕੱਲੀ ਨੂੰ, ਤਦ ਹਾਏ ਹਾਏ ਕਰਸੀ ਜਾਨ ਕੁੜੇ ।
ਮੁਢੋਂ ਦੀ ਤੂੰ ਰਿਜ਼ਕ ਵਿਹੂਣੀ, ਗੋਹੜਿਓਂ ਨਾ ਤੂੰ ਕੱਤੀ ਪੂਣੀ ।
ਹੁਣ ਕਿਉਂ ਫਿਰਨੀ ਏਂ ਨਿੰਮੋਝੂਣੀ, ਕਿਸ ਕਰੇਂ ਗੁਮਾਨ ਕੁੜੇ ।
ਨਾ ਤੱਕਲਾ ਰਾਸ ਕਰਾਵੇਂ ਤੂੰ, ਨਾ ਬਾਇੜ ਮਾਲ੍ਹ ਪਵਾਵੇਂ ਤੂੰ ।
ਘੜੀ ਮੁੜੀ ਕਿਉਂ ਚਰਖਾ ਚਾਵੇਂ ਤੂੰ, ਕਰਨੀ ਏਂ ਆਪਣਾ ਜਿਆਨ ਕੁੜੇ ।
ਡਿੰਗਾ ਤੱਕਲਾ ਰਾਸ ਕਰਾ ਲੈ, ਨਾਲ ਸ਼ਤਾਬੀ ਬਾਇੜ ਪਵਾ ਲੈ ।
ਜਿਉਂ ਕਰ ਵਗੇ ਤਿਵੇਂ ਵਗਾ ਲੈ, ਮਤ ਕਰ ਕੋਈ ਆਗਿਆਨ ਕੁੜੇ ।
ਅੱਜ ਘਰ ਵਿਚ ਨਵੀਂ ਕਪਾਹ ਕੁੜੇ, ਤੂੰ ਝੰਬ ਝੰਬ ਵੇਲਣਾ ਡਾਹ ਕੁੜੇ ।
ਰੂੰ ਵੇਲ ਪੰਜਾਵਣ ਜਾਹ ਕੁੜੇ, ਮੁੜ ਕਲ੍ਹ ਨਾ ਤੇਰਾ ਜਾਣ ਕੁੜੇ ।
ਜਦ ਰੂੰ ਪੰਜਾ ਲਿਆਵੇਂਗੀ, ਸਈਆਂ ਵਿਚ ਪੂਣੀਆਂ ਪਾਵੇਂਗੀ ।
ਮੁੜ ਆਪੇ ਹੀ ਪਈ ਭਾਵੇਂਗੀ, ਵਿਚ ਸਾਰੇ ਜੱਗ ਜਹਾਨ ਕੁੜੇ ।
ਤੇਰੇ ਨਾਲ ਦੀਆਂ ਸਭ ਸਈਆਂ ਨੀ, ਕੱਤ ਪੂਣੀਆਂ ਸਭਨਾਂ ਲਈਆਂ ਨੀ ।
ਤੈਨੂੰ ਬੈਠੀ ਨੂੰ ਪਿੱਛੇ ਪਈਆਂ ਨੀ, ਕਿਉਂ ਬੈਠੀ ਹੁਣ ਹੈਰੀਨ ਕੁੜੇ ।
ਦੀਵਾ ਆਪਣੇ ਪਾਸ ਜਗਾਵੀਂ, ਕੱਤ ਕੱਤ ਸੂਤ ਭੜੋਲੀ ਪਾਵੀਂ ।
ਅੱਖੀਂ ਵਿਚੋਂ ਰਾਤ ਲੰਘਾਵੀਂ, ਔਖੀ ਕਰਕੇ ਜਾਨ ਕੁੜੇ ।
ਰਾਜ ਪੇਕਾ ਦਿਨ ਚਾਰ ਕੁੜੇ, ਨਾ ਖੇਡੋ ਖੇਡ ਗੁਜਾਰ ਕੁੜੇ ।
ਨਾ ਹੋ ਵਿਹਲੀ ਕਰ ਕਾਰ ਕੁੜੇ, ਘਰ ਬਾਰ ਨਾ ਕਰ ਵੀਰਾਨ ਕੁੜੇ ।
ਤੂੰ ਸੁੱਤਿਆਂ ਰੈਣ ਗੁਜਾਰ ਨਹੀਂ, ਮੁੜ ਆਉਣਾ ਦੂਜੀ ਵਾਰ ਨਹੀਂ ।
ਫਿਰ ਬਹਿਣਾ ਏਸ ਭੰਡਾਰ ਨਹੀਂ, ਵਿਚ ਇਕੋ ਜੇਡੇ ਹਾਣ ਕੁੜੇ ।
ਤੂੰ ਸਦਾ ਨਾ ਪੇਕੇ ਰਹਿਣਾ ਏਂ, ਨਾ ਪਾਸ ਅੰਬੜੀ ਦੇ ਬਹਿਣਾ ਏ ।
ਭਾ ਅੰਤ ਵਿਛੋੜਾ ਸਹਿਣਾ ਏ, ਵੱਸ ਪਏਂਗੀ ਸੱਸ ਨਨਾਣ ਕੁੜੇ ।
ਕੱਤ ਲੈ ਨੀ ਕੁਝ ਕਤਾ ਲੈ ਨੀ, ਹੁਣ ਤਾਣੀ ਤੰਦ ਉਣਾ ਲੈ ਨੀ ।
ਤੂੰ ਆਪਣਾ ਦਾਜ ਰੰਗਾ ਲੈ ਨੀ, ਤੂੰ ਤਦ ਹੋਵੇਂ ਪਰਧਾਨ ਕੁੜੇ ।
ਜਦ ਘਰ ਬੇਗਾਨੇ ਜਾਵੇਂਗੀ, ਮੁੜ ਵੱਤ ਨਾ ਓਥੋਂ ਆਵੇਂਗੀ ।
ਓਥੇ ਜਾ ਕੇ ਪਛੋਤਾਵੇਂਗੀ, ਕੁਝ ਅਗਦੋਂ ਕਰ ਸਮਿਆਨ ਕੁੜੇ ।
ਅਜੇ ਐਡਾ ਤੇਰਾ ਕੰਮ ਕੁੜੇ, ਕਿਉਂ ਹੋਈ ਏਂ ਬੇ-ਗ਼ਮ ਕੁੜੇ ।
ਕੀ ਕਰ ਲੈਣਾ ਉਸ ਦਮ ਕੁੜੇ, ਜਦ ਘਰ ਆਏ ਮਹਿਮਾਨ ਕੁੜੇ ।
ਆ ਚਰਖੇ ਮੂਲ ਨਾ ਡਾਹੁਣਗੀਆਂ, ਤੇਰਾ ਤ੍ਰਿੰਞਣ ਪਿਆ ਵੀਰਾਣ ਕੁੜੇ ।
ਕਰ ਮਾਣ ਨਾ ਹੁਸਨ ਜਵਾਨੀ ਦਾ, ਪਰਦੇਸ ਨਾ ਰਹਿਣ ਸੀਲਾਨੀ ਦਾ ।
ਕੋਈ ਦੁਨੀਆ ਝੂਠੀ ਫਾਨੀ ਦਾ, ਨਾ ਰਹਿਸੀ ਨਾਮ ਨਿਸ਼ਾਨ ਕੁੜੇ ।
ਇਕ ਔਖਾ ਵੇਲਾ ਆਵੇਗਾ, ਸਭ ਸਾਕ ਸੈਣ ਭੱਜ ਜਾਵੇਗਾ ।
ਕਰ ਮੱਦਤ ਪਾਰ ਲੰਘਾਵੇਗਾ, ਉਹ ਬੁੱਲ੍ਹੇ ਦਾ ਸੁਲਤਾਨ ਕੁੜੇ ।