ਬੱਸ ਕਰ ਜੀ ਹੁਣ ਬੱਸ ਕਰ ਜੀ, ਇਕ ਬਾਤ ਅਸਾਂ ਨਾਲ ਹੱਸ ਕਰ ਜੀ ।ਟੇਕ।
ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ ।
ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤ ਵਲ ਜਾਸੋ ਨੱਸ ਕਰ ਜੀ ।
ਤੁਸੀਂ ਮੋਇਆਂ ਮਾਰ ਨੂੰ ਨਾ ਮੁੱਕਦੇ ਸੀ, ਖਿੱਦੋ ਵਾਂਗ ਖੂੰਡੀ ਕੁੱਟਦੇ ਸੀ ।
ਗੱਲ ਕਰਦਿਆਂ ਦਾ ਗਲ ਘੁੱਟਦੇ ਸੀ, ਹੁਣ ਤੀਰ ਲਗਾਇਓ ਕੱਸ ਕਰ ਜੀ ।
ਤੁਸੀਂ ਛੁਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜੁਲਫ਼ ਦੇ ਜਕੜੇ ਹੋ ।
ਤੁਸੀਂ ਅਜੇ ਛੁਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨੱਸ ਕਰ ਜੀ ।
ਬੁਲ੍ਹਾ ਸ਼ੌਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ ।
ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ ।