ਬੁੱਲੇ ਸ਼ਾਹ ਦੀਆਂ ਕਾਫੀਆਂ–ਰਾਂਝਾ ਰਾਂਝਾ ਕਰਦੀ ਨੀ ਮੈਂ

ਰਾਂਝਾ ਰਾਂਝਾ ਕਰਦੀ ਨੀ ਮੈਂ

ਆਪੇ ਰਾਂਝਾ ਹੋਈ ।

ਸੱਦੋ ਨੀ ਮੈਨੂੰ ਧੀਦੋ ਰਾਂਝਾ

ਹੀਰ ਨਾ ਆਖੋ ਕੋਈ ।

 

ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ

ਹੋਰ ਖਿਆਲ ਨਾ ਕੋਈ ।

ਮੈਂ ਨਹੀਂ ਉਹ ਆਪ ਹੈ ਆਪਣੀ

ਆਪ ਕਰੇ ਦਿਲਗੋਈ ।

 

ਹੱਥ ਖੂੰਡੀ ਮੇਰੇ ਅੱਗੇ ਮੰਗੂ

ਮੋਢੋ ਭੂਰਾ ਲੋਈ ।

ਬੁਲ੍ਹਾ ਹੀਰ ਸਲੇਟੀ ਵੇਖੋ

ਕਿੱਥੇ ਜਾ ਖਲੋਈ ।

 

ਰਾਂਝਾ ਜੋਗੀੜਾ ਬਣ ਆਇਆ…..

ਰਾਂਝਾ ਜੋਗੀੜਾ ਬਣ ਆਇਆ ।

ਵਾਹ ਸਾਂਗੀ ਸਾਂਗ ਰਚਾਇਆ ।

 

ਇਸ ਜੋਗੀ ਦੇ ਨੈਣ ਕਟੋਰੇ

ਬਾਜਾਂ ਵਾਂਗੂ ਲੈਂਦੇ ਡੋਰੇ

ਮੁੱਖ ਡਿੱਠਿਆਂ ਟੁੱਟ ਜਾਵਣ ਝੋਰੇ ।

ਇਹਨਾ ਅੱਖੀਆਂ ਲਾਲ ਵੰਜਾਇਆ ।

ਰਾਂਝਾ………………………….

 

ਏਸ ਜੋਗੀ ਦੀ ਕੀ ਨਿਸ਼ਾਨੀ

ਕੰਨ ਵਿੱਚ ਮੁੰਦਰਾਂ ਗਲ ਵਿਚ ਗਾਨੀ

ਸੂਰਤ ਇਸ ਦੀ ਯੂਸਫ ਸਾਨੀ ।

ਏਹਾ ਅਲਫੋਂ ਅਹਿਦ ਬਣਾਇਆ । ਰਾਂਝਾ…….

 

ਰਾਂਝਾ ਜੋਗੀ ਤੇ ਮੈਂ ਜੋਗਿਆਣੀ

ਇਸ ਦੀ ਖਾਤਰ ਭਰਸਾਂ ਪਾਣੀ ।

ਐਵੇਂ ਪਿਛਲੀ ਉਮਰ ਵਿਹਾਣੀ

ਏਵੇਂ ਹੁਣ ਮੈਨੂੰ ਭਰਮਾਇਆ । ਰਾਂਝਾ ਜੋਗੀੜਾ……

 

ਬੁਲ੍ਹਾ ਸ਼ਹੁ ਦੀ ਇਹ ਗਲ ਬਣਾਈ ।

ਪ੍ਰੀਤ ਪੁਰਾਣੀ, ਸ਼ੋਰ ਮਚਾਈ ।

ਇਹ ਗਲ ਕੀਕੂੰ ਛਪ ਛਪਾਈ ।

ਨੀ ਤਖਤ ਹਜਾਰਿਓ ਧਾਇਆ । ਰਾਂਝਾ ਜੋਗੀੜਾ ਬਣ ਆਇਆ ।

Leave a Reply

This site uses Akismet to reduce spam. Learn how your comment data is processed.