ਹੁਣ ਕਿਸ ਥੀਂ ਆਪ ਛੁਪਾਈਦਾ । ਟੇਕ ।
ਕਿਤੇ ਮੁੱਲਾਂ ਹੋ ਬੁਲੇਂਦੇ ਹੋ, ਕਿਤੇ ਸੁੰਨਤ ਫ਼ਰਜ਼ ਦੱਸੇਂਦੇ ਹੋ ।
ਕਿਤੇ ਰਾਮ ਦੁਹਾਈ ਦੇਂਦੇ ਹੋ, ਕਿਤੇ ਮੱਥੇ ਤਿਲਕ ਲਗਾਈਦਾ ।
ਮੈਂ ਮੇਰੀ ਹੈ ਕਿ ਤੇਰੀ ਹੈ, ਇਹ ਅੰਤ ਭਸਮ ਦੀ ਢੇਰੀ ਹੈ ।
ਇਹ ਢੇਰੀ ਪੀਆ ਨੇ ਘੇਰੀ ਹੈ, ਢੇਰੀ ਨੂੰ ਨਾਚ ਨਚਾਈਦਾ ।
ਕਿਤੇ ਬੇਸਿਰ ਚੂੜਾ ਪਾਓਗੇ, ਕਿਤੇ ਜੋੜਾ ਸ਼ਾਨ ਹੰਢਾਓਗੇ ।
ਕਿਤੇ ਆਦਮ ਹੱਵਾ ਬਣ ਆਓਗੇ, ਕਦੀ ਮੈਥੋਂ ਵੀ ਭੁੱਲ ਜਾਈਦਾ ।
ਬਾਹਰ ਜਾਹਰ ਡੇਰਾ ਪਾਇਉ, ਆਪੇ ਡੌਂ ਡੌਂ ਢੋਲ ਬਜਾਇਉ ।
ਜਗ ਤੇ ਆਪਣਾ ਆਪ ਜਤਾਯੋ, ਫਿਰ ਅਬਦੁੱਲਾ ਦੇ ਘਰ ਧਾਈਦਾ ।
ਜੋ ਭਾਲ ਤੁਸਾਡੀ ਕਰਦਾ ਹੈ, ਮੋਇਆਂ ਤੋਂ ਅੱਗੇ ਮਰਦਾ ਹੈ ।
ਉਹ ਮੋਇਆਂ ਵੀ ਤੈਥੋਂ ਡਰਦਾ ਹੈ, ਮਤ ਮੋਇਆਂ ਨੂੰ ਮਾਰ ਕੁਹਾਈਦਾ ।
ਬਿੰਦਰਾਬਨ ਮੇਂ ਗਊਆਂ ਚਰਾਵੇਂ, ਲੰਕਾ ਚੜ੍ਹ ਕੇ ਨਾਦ ਵਜਾਵੇਂ ।
ਮੱਕੇ ਦਾ ਬਣ ਹਾਜੀ ਆਵੇਂ, ਵਾਹ ਵਾਹ ਰੰਗ ਵਟਾਈਦਾ ।
ਮਨਸੂਰ ਤੁਸਾਂ ਤੇ ਆਇਆ ਏ, ਤੁਸਾਂ ਸੂਲੀ ਪਕੜ ਚੜ੍ਹਾਇਆ ਏ ।
ਮੇਰਾ ਭਾਈ ਬਾਬਲ ਜਾਇਆ ਏ, ਦਿਓ ਖੂਨ ਤੁਸੀਂ ਮੇਰੇ ਭਾਈ ਦਾ ।
ਤੁਸੀਂ ਸਭਨੀ ਭੇਸੀ ਥੀਂਦੇ ਹੋ, ਆਪੇ ਮਧ ਹੋ ਆਪੇ ਪੀਂਦੇ ਹੋ ।
ਮੈਨੂੰ ਹਰ ਜਾ ਤੁਸੀਂ ਤਸੀਂਦੇ ਹੋ, ਆਪੇ ਆਪ ਕੋ ਆਪ ਚੁਕਾਈਦਾ ।
ਹੁਣ ਪਾਸ ਤੁਸਾਡੇ ਵੱਸਾਂਗੀ, ਨਾ ਬੇਦਿਲ ਹੋ ਕੇ ਨੱਸਾਂਗੀ ।
ਸਭ ਭੇਤ ਤੁਸਾਡੇ ਦੱਸਾਂਗੀ, ਕਿਉਂ ਮੈਨੂੰ ਅੰਗ ਨਾ ਲਾਈਦਾ ।
ਵਾਹ ਜਿਸ ਪਰ ਕਰਮ ਅਵੇਹਾ ਹੈ, ਤਸਦੀਕ ਉਹ ਵੀ ਤੈਂ ਜੇਹਾ ਹੈ ।
ਸੱਚ ਸਹੀ ਰਵਾਇਤ ਏਹਾ ਹੈ, ਤੇਰੀ ਨਜ਼ਰ ਮਿਹਰ ਤਰ ਜਾਈਦਾ ।
ਵਿੱਚ ਭਾਂਬੜ ਬਾਗ਼ ਲਵਾਈਦਾ, ਜਿਹੜਾ ਵਿਚੋਂ ਆਪ ਖਵਾਈਦਾ ।
ਜਾਂ ਅਲਫੋਂ ਅਹਦ ਬਣਾਈਦਾ, ਤਾਂ ਬਾਤਨ ਕਿਆ ਬਤਲਾਈਦਾ ।
ਬੇਲੀ ਅੱਲਾ ਵਾਲੀ ਮਾਲਕ ਹੋ, ਤੁਸੀਂ ਆਪਣੇ ਆਪ ਸਾਲਕ ਹੋ ।
ਆਪੇ ਖ਼ਲਕਤ ਆਪੇ ਖਾਲਿਕ ਹੋ, ਆਪੇ ਅਮਰ ਮਅਰੂਫ਼ ਕਰਾਈਦਾ ।
ਕਿਧਰੇ ਚੋਰ ਤੇ ਕਿਧਰੇ ਕਾਜੀ ਹੋ, ਆਪੇ ਅਪਣਾ ਕਟਕ ਚੜ੍ਹਾਈਦਾ ।
ਆਪੇ ਯੂਸਫ਼ ਕੈਦ ਕਰਇਉ, ਯੂਨਸ ਮਛਲੀ ਤੋਂ ਨਿਗਲਾਇਉ ।
ਸਾਬਰ ਕੀੜੇ ਘਤ ਬਹਾਇਉ, ਫੇਰ ਓਹਨਾਂ ਤਖ਼ਤ ਚੜ੍ਹਾਈਦਾ ।
ਬੁਲ੍ਹਾ ਸ਼ਹੁ ਹੁਣ ਸਹੀ ਸੰਵਾਤੇ ਹੋ, ਹਰ ਸੂਰਤ ਨਾਲ ਪਛਾਤੇ ਹੋ ।
ਕਿਤੇ ਆਤੇ ਹੋ ਕਿਤੇ ਜਾਤੇ ਹੋ, ਹੁਣ ਮੈਥੋਂ ਭੁੱਲ ਨਾ ਜਾਈਦਾ ।