Punjabi Poem
ਮਾਂ (ਭਾਰਤ ਮਾਂ) ਤੂੰ ਸੌਂ ਜਾਇਆ ਕਰ,
ਡੁਬਦੇ ਸੂਰਜ ਦੇ ਨਾਲ,
ਤੇ ਸਵੇਰੇ ਉਠਇਆ ਕਰ ,
ਸੂਰਜ ਚੜ੍ਹਨ ਪਿਛੋਂ,
ਤੇਰੇ ਤੋਂ ਇਹ ਹਨ੍ਹੇਰਾ ਸਹਿਨ ਨਹੀਂ ਹੋਣਾ.
ਤੇਰੇ ਦਿਲ (ਦਿੱਲੀ) ਵਿੱਚ ਸੂਰਜ ਡੁੱਬਦਿਆਂ ਹੀ,
ਜਾਗ ਜਾਂਦੇ ਨੇ ਤੇਰੀ ਕੁਖੋਂ ਜੰਮੇ ਕੁਝ ਅਨਚਾਹੇ ਪੁੱਤ,
ਜਾਗ ਜਾਂਦੇ ਨੇ ਉਹ ਤੇਰੀਆਂ ਬੇਟੀਆਂ ਦੀ ਇੱਜ਼ਤ ਲੁੱਟਣ ਲਈ,
ਮੇਰੇ ਆਪਣਿਆਂ ਦੇ ਘਰ ਲੁੱਟਣ ਲਈ,
ਜਾਗ ਜਾਂਦੇ ਨੇ ਉਹ ਸ਼ਾਇਦ ਤੈਨੂੰ ਤੜਫ਼ਾਓਣ ਲਈ.
ਮਾਂ ਤੂੰ ਸੌਂ ਜਾਇਆ ਕਰ,
ਤੇਰੇ ਤੋਂ ਇਹ ਹਨ੍ਹੇਰਾ …
ਨਹੀਂ ਮਾਂ! ਇਹ ਸਭ ਪਹਿਲਾਂ ਵਰਗਾ ਨਹੀਂ ਰਿਹਾ!
ਹੁਣ ਕੋਈ ਤੈਨੂੰ ਇਥੇ ਯਾਦ ਨਹੀਂ ਕਰਦਾ.
ਕੁਝ ਸੌਂਦੇ ਤਾਂ ਨੇ ਰਾਤੀਂ ਤੇਰੀ ਗੋਦੀ ਵਿੱਚ.
ਪਰ ਉਹ ਵੀ ਨਸ਼ੇ ਵਿੱਚ…
ਨਹੀਂ ਮਾਂ! ਇਹ ਉਹ ਸਮਾਂ ਨਹੀਂ,
ਜਦ ਤੇਰੇ ਖਾਤਿਰ ਭਗਤ ਸਿੰਘ ਹੋਰਾਂ ਜਵਾਨੀ ਵਾਰ ਦਿੱਤੀ,
ਜਦ ‘ਆਜ਼ਾਦ’ ਵਰਗਿਆਂ ਤੈਨੂੰ ਆਜ਼ਾਦ ਕਰਵਾਉਣ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ.
ਇਹ ਉਹ ਸਮਾਂ ਹੈ,
ਤੇਰੇ ਸਪੂਤ ਹੁਣ ਕਿਤਾਬਾਂ ਦੇ ਵਰਕਿਆਂ ਵਿੱਚ ਕੈਦ ਨੇ.
ਉਨ੍ਹਾਂ ਦੀ ਸੋਚ ਬੱਸ ਕੁਝ ਲੇਖਾਂ ਤੇ ਪਾਠਾਂ ਨੂੰ ਰਾਤਾਂ ਤੱਕ ਹੀ ਰਹਿ ਗਈ ਹੈ.
ਅਤੇ ਅਸੀਂ,
ਅਸੀਂ ਨਿਕੰਮੇ, ਸਭ ਵੇਖਦਿਆਂ ਵੀ ਚੁੱਪ ਹਾਂ…
ਮਾਂ ਤੂੰ ਸੌਂ ਜਾਇਆ ਕਰ,
ਮੈਂ ਬਦਲਾਓ ਲਿਆਵਾਂਗਾ.
ਇਹ ਤਾਰਿਆਂ ਛਾਵੇਂ ਸੁੱਤੀ ਕੌਮ ਮੈਂ ਜਾਗਾਵਾਂਗਾ.
ਇਹ ਡੁੱਬਿਆ ਸੂਰਜ ਮੈਂ ਚੜਾਵਾਂਗਾ.
ਪਰ ਓਦੋਂ ਤੱਕ ਤੂੰ ਸੌਂ ਜਾ,
ਤੇਰੇ ਤੋਂ ਇਹ ਹਨ੍ਹੇਰਾ ਸਹਿਨ ਨਹੀਂ ਹੋਣਾ.