Punjabi Poem
ਨਫਰਤ ਹੈ ਮੈਨੂੰ ਖ਼ੁਦ ਤੋਂ,
ਨਫਰਤ ਹੈ ਮੈਨੂੰ ਇਸ ਸਮਾਜ ਤੋਂ,
ਨਫਰਤ ਹੈ ਮੈਨੂੰ ਇਸ ਜਹਾਨ ਤੋਂ।
ਇਸ ਨਫਰਤ ਦੀ ਅੱਗ ਵਿੱਚ ਬਲਦਿਆਂ
ਮੈਂ ਕਈਆਂ ਦਾ ਦਿਲ ਦੁਖਾਇਆ ਹੋਵੇਗਾ
ਅਤੇ ਕਈਆਂ ਤੋਂ ਮੂੰਹ ਲੁਕਾਇਆ ਹੋਵੇਗਾ।
ਬਲਦਿਆਂ ਇਸ ਅੱਗ ਵਿੱਚ,
ਬੜਾ ਸੌਖਾ ਹੁੰਦਾ ਹੈ
ਸਭ ਕੁਝ ਛੱਡ ਦੇਣਾ।
“ਕੋਈ ਨਹੀਂ ਸਮਝਦਾ ਮੈਨੂੰ।”
ਇਹ ਆਖ ਦੇਣਾ।
ਪਰ ਕੀ ਕਦੀ ਖ਼ੁਦ ਤੋਂ ਪੁੱਛ ਕੇ ਵੇਖਿਆ ਤੂੰ
“ਕਿੰਨਾ ਕੁ ਸਮਝਦਾ ਹੈਂ ਖ਼ੁਦ ਨੂੰ?”
ਸ਼ਾਇਦ ਨਹੀਂ!
ਮੇਰੇ ਚਹਿਰੇ ਦਾ ਉੱਡਿਆ ਰੰਗ ਹੀ ਇਸਦਾ ਜਵਾਬ ਹੈ।
ਇਸੇ ਅੱਗ ਵਿੱਚ ਬਲ਼ਦਿਆਂ
ਮੈਂ ਇੱਕ ਹੋਰ ਪਾਪ ਸੀ ਕੀਤਾ
“ਤੁਸੀਂ ਮੇਰੀ ਗੱਲ ਨਹੀਂ ਸਮਝਦੇ।”
ਦਿਲ ਕਰੜਾ ਕਰਦਿਆਂ
ਮੈਂ ਮਾਂ ਨੂੰ ਆਖ ਦਿੱਤਾ।
ਮੈਥੋਂ ਪਹਿਲਾਂ ਉਹ ਜਾਣਦੇ ਸੀ ਮੈਨੂੰ,
ਮੈਥੋਂ ਪਹਿਲਾਂ ਉਹ ਸਮਝਦੇ ਸੀ ਮੈਨੂੰ,
ਮੈਥੋਂ ਪਹਿਲਾਂ ਉਹ ਸੀ ਪਹਿਚਾਣਦੇ ਮੈਨੂੰ,
ਇਹ ਸੁਣ ਕੀ ਮਹਿਸੂਸ ਹੋਇਆ ਹੋਵੇਗਾ ਉਨ੍ਹਾਂ ਨੂੰ?
ਨਹੀਂ ਜਾਣਦਾ!
ਜਾਣਦਾ ਹਾਂ ਤਾਂ ਬੱਸ ਨਫਰਤ ਦੀ ਅੱਗ ਵਿੱਚ ਬਲਣਾ।
ਜਾਣਦਾ ਹਾਂ ਤਾਂ ਬੱਸ ਆਪਣਿਆਂ ਦਾ ਦਿਲ ਦੁਖਾਉਣਾ।
ਜਾਣਦਾ ਹਾਂ ਤਾਂ ਬੱਸ ਉਨ੍ਹਾਂ ਨੂੰ ਰੁਆਉਣਾ॥