Punjabi Poem
ਮੈਂ ਲਿਖਣਾ ਚਾਹੁੰਦਾ ਸਾਂ
ਇੱਕ ਅਜਿਹੀ ਕਵਿਤਾ,
ਜਿਸ ਵਿੱਚ
ਚਾਨਣੀ ਰਾਤ ਦੀ ਠੰਡਕ ਦਾ ਜ਼ਿਕਰ ਹੋਵੇ,
ਜਿਸ ਵਿੱਚ
ਤਾਰਿਆਂ ਦਾ ਜ਼ਿਕਰ ਹੋਵੇ।
ਉੱਡਦਿਆਂ ਪੰਛੀਆਂ ਵਾਂਗ
ਇਸਦੀ ਸ਼ੁਰੂਆਤ ਹੋਣੀ ਸੀ
’ਤੇ ਲਹਿੰਦੇ ਸੂਰਜ ਜਿੰਨਾ
ਸੁੰਦਰ ਅੰਤ।
ਉਸ ਵਿੱਚ ਮੇਰੇ ਪਿਆਰ ਦੇ ਸਾਹਮਣੇ
ਤਾਜ ਦੀ ਸ਼ਾਨ ਵੀ ਘੱਟ ਹੋਣੀ ਸੀ।
ਉਸ ਵਿੱਚ ਮੈਂ ਤੈਨੂੰ ਸੁੰਦਰਾਂ ਤੋਂ ਵੀ ਸੋਹਣੀ ਦੱਸਦਾ
’ਤੇ ਖ਼ੁਦ ਨੂੰ ਮਿਰਜ਼ੇ ਦਾ ਵਾਰਿਸ।
ਉਸ ਵਿੱਚ ਚਸ਼ਮਿਆਂ ’ਤੇ ਵਾਦੀਆਂ ਦਾ ਵੀ ਜ਼ਿਕਰ ਹੋਣਾ ਸੀ।
ਮੈਂ ਤੇਰੀ ਬੇਵਾਈ ਨੂੰ ਵੀ
ਉਸ ਵਿੱਚ ਸਹੀ ਸਾਬਿਤ ਕਰਨਾ ਸੀ।
ਮੈਂ ਤਾਂ ਬੱਸ ਲਿਖਣਾ ਚਾਹੁੰਦਾ ਸਾਂ
ਇੱਕ ਅਜਿਹੀ ਕਵਿਤਾ,
ਜਿਸ ਨੂੰ ਆਪਣੀ ਮੁਹੱਬਤ ਲਈ ਯਾਦ ਕੀਤਾ ਜਾਵੇ।