Punjabi Poem
ਮੈਨੂੰ ਦੱਸ ਦਿਓ,
ਜੇ ਤੁਹਾਨੂੰ ਕਿਤੇ ਪਤਾ ਲੱਗੇ।
ਮੈਂ ਤਾਂ ਥੱਕ ਚੁੱਕਾ ਹਾਂ,
ਸਾਰੀ ਦੁਨੀਆ ਦੀ ਖ਼ਾਕ ਛਾਣ ਕੇ
ਪਰ ਜਵਾਬ ਨਹੀਂ ਮਿਲਿਆ।
”ਪਤਾ ਲੱਭ ਰਿਹਾ ਸਾਂ ਮੈਂ,
ਆਪਣੀ ਭਾਰਤ ਮਾਂ ਦੇ ਘਰ ਦਾ।”
ਪਰ ਤੁਸੀਂ ਮੇਰੇ ਵਾਂਗ ਨਹੀਂ,
ਮੈਨੂੰ ਵਿਸ਼ਵਾਸ ਹੈ,
ਤੁਸੀਂ ਲੱਭ ਲਓਗੇ।
ਇਸ ਰਾਜਾਂ ਵਿੱਚ ਵੰਡੇ ਦੇਸ਼ ਦਾ ਪਤਾ,
ਤੁਸੀਂ ਲੱਭ ਲਓਗੇ,
ਇਨ੍ਹਾਂ ਜਾਤਾਂ ਵਿੱਚ ਵੰਡੇ ਲੋਕਾਂ ‘ਚੋਂ।
ਤੁਸੀਂ ਲੱਭ ਲਓਗੇ…
‘ਤੇ ਜਦ ਲੱਭ ਲਵੋ,
ਤਾਂ ਮੈਨੂੰ ਦੱਸਣ ਜ਼ਰੂਰ ਆਇਓ।
ਕੀ? ਮੈਂ ਕੌਣ ਹਾਂ?
ਮੈਂ ਮੰਦਰ ਵਿੱਚ ਬੈਠਾ,
ਮਾਲ਼ਾ ਜਪਦਾ ਪੰਡਿਤ ਹਾਂ।
ਜਾਂ ਗੁਰੂ ਗ੍ਰੰਥ ਸਾਹਿਬ ਦਾ ਪਾਠੀ?
ਮਸੀਤ ਦਾ ਮੌਲਾਨਾਂ ਵੀ ਮੈਂ ਹੀ ਹਾਂ।
ਮੈਂ ਤਹਾਡੇ ਘਰ ਰੋਜ਼ ਆਉਂਦਾ ਹਾਂ,
ਕਦੇ ਚਿੱਠੀਆਂ ਵੰਡਣ,
ਕਦੇ ਸਬਜ਼ੀ ਵੇਚਣ,
‘ਤੇ ਕਦੇ ਸਫਾਈ ਕਰਨ,
ਮੈਂ ਹੀ ਆਉਂਦਾ ਹਾਂ
ਤੁਹਾਡੇ ਨਜ਼ਰੀਂ ਪੈਂਦਾ ਹਰ ਇਨਸਾਨ
ਮੈਂ ਹੀ ਹਾਂ।
”ਬੱਸ ਤੁਸੀਂ ਮੈਨੂੰ ਜਵਾਬ ਦੱਸਦੇ ਜਾਓ।”