ਸ਼ਿਵ ਕੁਮਾਰ ਬਟਾਲਵੀ ਕਵਿਤਾ–ਇਹ ਮੇਰਾ ਗੀਤ

ਇਹ ਮੇਰਾ ਗੀਤ

ਕਿਸੇ ਨੇ ਗਾਣਾ

ਇਹ ਮੇਰਾ ਗੀਤ

ਮੈਂ ਆਪੇ ਗਾ ਕੇ

ਭਲਕੇ ਹੀ ਮਰ ਜਾਣਾ

ਇਹ ਮੇਰਾ ਗੀਤ

ਕਿਸੇ ਨਾ ਗਾਣਾ !

 

ਇਹ ਮੇਰਾ ਗੀਤ ਧਰਤ ਤੋਂ ਮੈਲਾ

ਸੂਰਜ ਜੇਡ ਪੁਰਾਣਾ

ਕੋਟ ਜਨਮ ਤੋਂ ਪਿਆ ਅਸਾਨੂੰ

ਇਸ ਦਾ ਬੋਲ ਹੰਢਾਣਾ

ਹੋਰ ਕਿਸੇ ਦੀ ਜਾਹ ਨਾ ਕਾਈ

ਇਸ ਨੂੰ ਹੋਠੀਂ ਲਾਣਾ

ਇਹ ਤਾਂ ਮੇਰੇ ਨਾਲ ਜਨਮਿਆ

ਨਾਲ ਬਹਿਸ਼ਤੀਂ ਜਾਣਾ !

 

ਇਹ ਮੇਰਾ ਗੀਤ,

ਮੈਂ ਆਪੇ ਗਾ ਕੇ

ਭਲਕੇ ਹੀ ਮਰ ਜਾਣਾ !

ਏਸ ਗੀਤ ਦਾ ਅਜਬ ਜਿਹਾ ਸੁਰ

ਡਾਢਾ ਦਰਦ ਰੰਞਾਣਾ

ਕੱਤਕ ਮਾਹ ਵਿਚ ਦੂਰ ਪਹਾੜੀਂ

ਕੂੰਜਾ ਦਾ ਕੁਰਲਾਣਾ

ਨੂਰ-ਪਾਕ ਦੇ ਵੇਲੇ ਰੱਖ ਵਿਚ

ਚਿੜੀਆਂ ਦਾ ਚਿਚਲਾਣਾ

ਕਾਲੀ ਰਾਤੇ ਸਰਕੜਿਆਂ ਤੋਂ

ਪੌਣਾਂ ਦਾ ਲੰਘ ਜਾਣਾ !

ਇਹ ਮੇਰਾ ਗੀਤ

ਮੈਂ ਆਪੇ ਗਾ ਕੇ

ਭਲਕੇ ਹੀ ਮਰ ਜਾਣਾ !

ਮੈਂ ਤੇ ਮੇਰੇ ਗੀਤ ਨੇ ਦੋਹਾਂ

ਜਦ ਭਲਕੇ ਮਰ ਜਾਣਾ

ਬਿਰਹੋਂ ਦੇ ਘਰ ਜਾਈਆਂ ਸਾਨੂੰ

ਕਬਰੀਂ ਲੱਭਣ ਆਣਾ

ਸਭਨਾਂ ਸਈਆਂ ਇਕ ਆਵਾਜੇ

ਮੁੱਖੋਂ ਬੋਲ ਅਲਾਣਾ :

ਕਿਸੇ ਕਿਸੇ ਦੇ ਲੇਖੀ ਹੁੰਦਾ

ਏਡਾ ਦਰਦ ਕਮਾਣਾ !

ਇਹ ਮੇਰਾ ਗੀਤ

ਕਿਸੇ ਨਾ ਗਾਣਾ

ਇਹ ਮੇਰਾ ਗੀਤ

ਮੈਂ ਆਪੇ ਗਾ ਕੇ

ਭਲਕੇ ਹੀ ਮਰ ਜਾਣਾ

ਇਹ ਮੇਰਾ ਗੀਤ

ਕਿਸੇ ਨਾ ਗਾਣਾ !

Leave a Reply

This site uses Akismet to reduce spam. Learn how your comment data is processed.