Punjabi Poem
ਪੁੱਤਰਾ ਰੁਕ! ਜ਼ਰਾ ਠਹਿਰ!
ਇਕ ਵਾਰ ਸੋਚ ਕੇ ਵੇਖ,
ਕਿਧਰ ਚਲਿਆ ਹੈਂ ਤੂੰ?
ਜ਼ਰਾ ਪਿੱਛੇ ਪਰਤ ਕੇ ਵੇਖ,
ਕੀ ਗਵਾ ਚੁੱਕਾ ਹੈਂ ਤੂੰ?
ਬਾਪੂ ਜੀ ਦੇ ਪੜ੍ਹਾਏ ਪਾਠ
ਅੱਜ ਤੇਰੇ ਚੇਤੇ ਨਾ ਆਏ?
ਮਾਂ ਦੇ ਪਿਆਰ ਤੇ ਦੁਲਾਰ ਨੇ
ਤੂੰ ਕਿਸ ਤਰ੍ਹਾਂ ਭੁਲਾਏ?
ਛੋਟੇ ਵੀਰ ਨੂੰ ਜਿੱਥੇ ਸੀ
ਬਾਹੋਂ ਫੜ ਤੁਰਨਾ ਸਿਖਇਆ,
ਅੱਜ ਉਸੇ ਮਿੱਟੀ ਨੂੰ ਵੰਡਣ ਦਾ
ਆਰਮਾਨ ਹੈ ਤੂੰ ਜਗਾਇਆ।
ਕਿਹੜਾ ਸੱਪ ਹੈ ਆਖਰ
ਜਿਸ ਤੈਨੂੰ ਹੈ ਆ ਡੰਗਿਆ?
ਹੱਥ ਬੰਨ੍ਹੀ ਭੈਣ ਦਾ ਵੀ
ਅੱਜ ਤੂੰ ਮਾਣ ਨਾ ਰਖਇਆ।
ਚੱਲਾ ਪੁੱਤ ਕੋਲ਼ ਬਾਪ ਦੇ,(ਇਹ ਸੋਚ)
ਲਵਾਂਗਾ ਬਟਵਾਰਾ ਕਰਵਾ।
ਜ਼ਮੀਨ ਦੇ ਕਰ ਟੋਟੇ
ਮੈਂ ਦੇਵਾਂਗਾ ਜੰਨਤ ਵਸਾ।
ਕਰ ਹਿੰਮਤ ਉਸ ਆਖ ਸੁਣਾਇਆ
ਬਾਪੂ ਜੀ ਨੂੰ ਸਭ।
ਬਾਪੂ ਜੀ ਨੇ ਸੁਣ ਇਹ,
ਲਾਇਆ ਮੌਤ ਨੂੰ ਗਲ਼।
ਮਰਨ ਪਿੱਛੋਂ ਉਸਦੇ,
ਪੁੱਤਾਂ ਜ਼ਮੀਨ ਦੇ ਹਿੱਸੇ ਪਾਏ।
ਪਹਿਲੋਂ ਪਿਓ ਆਪਣਾ ਮਾਰਿਆ
ਫਿਰ ਧਰਤੀ ਮਾਂ ਤੇ ਵਾਢੇ ਪਾਏ।
’47 ਵਿੱਚ ਅੰਗਰੇਜ਼ਾਂ ਨੇ
ਪਾਕਿਸਤਾਨ ਸੀ ਬਣਾਇਆ।
’66 vਵਿੱਚ ਆਪਣਿਆਂ ਹੀ,
ਹਰਿਆਣਾ ਵੱਖ ਕਰਾਇਆ।
ਤੇ ਹੁਣ ਤੁਸੀਂ ਪੁੱਤਰਾਂ ਨੇ ਵੀ
ਫਿਰ ਓਹੋ ਸਭ ਹੈ ਦੁਹਰਾਇਆ।
ਬੱਸ ਕਰੋ ਪੁੱਤਰੋ ਵੇ,
ਬੰਦ ਕਰੋ ਇਹ ਸਭ।
ਕਿਉਂ ਕਿਸੇ ਪਿੱਛੇ ਲੱਗ
ਭੁੱਲਦੇ ਹੋ ਆਪਣਾ ਰੱਬ।
ਪੰਜ ਦਰਿਆਵਾਂ ਦੀ ਧਰਤੀ ਤੇ
ਜਦ ਗੁਰੂਆਂ ਚਰਣ ਪਾਏ,
ਬੰਜਰ ਪਏ ਇਲਾਕੇ ਵਿੱਚ ਵੀ
ਫੁੱਲ ਸਨ ਉੱਗ ਆਏ।
ਵੰਡ ਕੇ ਪੰਜਾਬ ਨੂੰ ਹੁਣ
ਤੁਸੀਂ ਰਾਖਸ਼ ਕਿਉਂ ਨੇ ਪਾਲੇ?
ਵੰਡੇ ਪੰਜੇ ਦਰਿਆ ਹੁਣ ਮੈਂ
ਕਰਦਾਂ ਤੁਹਾਡੇ ਹਵਾਲੇ।