ਹੱਥਾਂ ਨਾਲ ਸਾਬਣ ਲਾ ਕੇ, ਹੱਥਾਂ ਨਾਲ ਹੀ ਹਲਕੇ ਤੇ ਲਕੜ ਦੀ ਬਣੀ ਥਾਪੀ ਨਾਲ ਭਾਰੇ ਕੱਪੜੇ ਧੋਣਾ ਸਸਤਾ ਭੀ ਸੀ ਤੇ ਹੱਥਾਂ, ਬਾਹਵਾਂ ਤੇ ਮੋਢਿਆਂ ਦੀ ਕਸਰਤ ਵੀ। ਤਾਰਾਂ ਤੇ ਝਣਕ ਕੇ ਤੇ ਖਿਲਾਰ ਕੇ ਕੱਪੜੇ ਪਾਉਣਾ ਭੀ ਇੱਕ ਕਲਾ ਵਾਂਗ ਹੀ ਹੈ।
ਕੁੱਝ ਕੁ ਦਹਾਕੇ ਪਹਿਲਾਂ ਢਾਭਾਂ (ਖੁੱਲ੍ਹੀ ਤੇ ਵਿਸ਼ਾਲ ਥਾਂ ਜਿਥੇ ਮੀਂਹ ਦਾ ਪਾਣੀ ਇਕੱਠਾ ਹੁੰਦਾ ਹੈ ਤੇ ਔਰਤਾਂ ਲਈ ਕੰਧਾ ਕਰਕੇ ਪਰਦੇ ਹੁੰਦੇ ਹਨ) ਤੇ ਕਪੜੇ ਧੋਣ ਜਾਣਾ ਪੈਂਦਾ ਸੀ। ਸਾਬਣ ਵੀ ਮਾਵਾਂ ਘਰ ਵਿੱਚ ਹੀ (ਨਿੰਮ ਦੀਆਂ ਨਮੋਲੀਆਂ ਜਾਂ ਰਿੰਡ ਦੇ ਬੀਜਾਂ ਤੋਂ) ਤਿਆਰ ਕਰ ਲੈਂਦੀਆਂ ਸਨ। ਇੱਟਾਂ ਦੀ ਬਣੀ ਚੌਂਕੜੀ ਤੇ ਸਾਬਣ ਲਾਉਣੀ, ਹਥਾਂ ਜਾਂ ਥਾਪੀ ਨਾਲ ਕੁਟਣਾ, ਖੁੱਲ੍ਹੇ ਪਾਣੀ ਵਿੱਚ ਘਚੱਲਣਾ, ਨਿਚੋੜਣਾ ਤੇ ਫਿਰ ਝਨਕ ਕੇ, ਖਲਾਰ ਕੇ ਘਾਹ ਜਾਂ ਝਾਡੀਆਂ ਤੇ ਵਛਾਉਣਾ ਹੁੰਦਾ ਸੀ। ਦੁਪਿਹਰ ਤੋਂ ਬਾਅਦ ਕਪੜੇ ਇੱਕਠੇ ਕਰ ਤਹਿ ਲਾਉਣੀ ਤੇ ਸ਼ਾਮ ਤਕ ਘਰ ਮੁੜਨਾ ਹੁੰਦਾ ਸੀ।
ਉੱਥੇ ਹੀ ਡੱਡੂ, ਕੱਛੂ ਤੇ ਗੰਡੋਏਆਂ ਨਾਲ ਖੇਲਣ ਦਾ ਮਨੋਰੰਜਨ ਭੀ ਹੁੰਦਾ ਸੀ। ਢਾਭ ਵਿਚੋਂ ਨਾਪੇ ਅਤੇ ਭਮੂਲ ਕਢਕੇ ਕੁੱਝ ਹਿੱਸਾ ਖਾ ਲੈਣਾ ਤੇ ਬਾਕੀ ਨਾਲ ਖੇੜ੍ਹਦੇ ਰਹਿਣਾ ਇੱਕ ਸਵਰਗ ਵਾਂਗ ਹੀ ਸੀ। ਕਪੜੇ ਮੁਫ਼ਤ ਵਿੱਚ ਧੁਲ ਜਾਂਦੇ ਸਨ।