Punjabi Poem
ਉਲਝਾ ਕੇ ਰੱਖਦਾ ਹਾਂ
ਜ਼ਿੰਦਗੀ
‘ਤੇ ਨਿੱਤ ਕਰਦਾ ਹਾਂ
ਸੁਲਝਾਉਣ ਦਾ ਦਿਖਾਵਾ
ਚੋਰੀ ਚੋਰੀ
ਅੱਖੋਂ ਓਲ੍ਹੇ ਹੋ ਕੇ
ਕੁਝ ਨਵੀਆਂ ਗੰਢਾਂ
ਕੱਸ ਲੈਂਦਾ ਹਾਂ
ਡਰਦਾ ਹਾਂ
ਜੇ ਸੁਲਝ ਗਈ
ਇਹ ਪਹੇਲੀ
ਤਾਂ ਫੁਰਸਤ ਮਿਲੇਗੀ
ਤੇ ਜ਼ਹਿਨ ਵਿੱਚ ਦਫ਼ਨ ਕੀਤੇ
ਕੁਝ ਨਾਸੂਰ ਸਵਾਲ
ਸੱਚਾਈ ਬਣ ਜਾਣਗੇ
ਮੁਰਦੇ ਦਫ਼ਨ ਹੀ ਚੰਗੇ ਨੇ…
ਰੋਜ਼-ਏ-ਹਸ਼ਰ ਤੇ
ਖ਼ੁਦਾ ਆਏਗਾ
ਸਾਡੇ ਨਾਲ ਦਫ਼ਨ
ਸਵਾਲਾਂ ਨੂੰ ਵੀ ਜਗਾਏਗਾ
ਆਪੇ ਲੱਭ ਲਏਗਾ ਜਵਾਬ
ਉਹ ਤਾਂ ਜਾਣਦਾ ਹੈ ਨਾ ਸਭ
ਉਦੋਂ ਤੱਕ
ਮੈਂ ਗੰਢਾਂ ਕੱਸੀ ਜਾਨਾਂ
ਜ਼ਿੰਦਗੀ ਉਲਝਾਈ ਜਾਨਾਂ…