ਚੰਗਾ ਹੁੰਦਾ ਜੇ ਮੈਂ ਇੱਕ ਦਰੱਖਤ ਹੁੰਦਾ,
ਜਿਉਂਦਾ, ਫਲ ਦਿੰਦਾ, ਤੇ ਮਰ ਜਾਂਦਾ
ਮੀਂਹ, ਝੱਖੜ, ਹ੍ਨੇਰੀ ਦਾ ਨਾ ਡਰ ਹੁੰਦਾ, ਨਾ ਕੋਈ ਅਪਣਾ ਨਾ ਕੋਈ ਘਰ ਹੁੰਦਾ,
ਬਸ, ਖੜ੍ਹੇ ਰਹਿਣਾ ਹੀ ਮੇਰਾ ਕੰਮ ਹੁੰਦਾ ਤੇ ਸਮਾਂ ਆਉਣ ਤੇ ਮਰ ਜਾਂਦਾ।
ਚੰਗਾ ਹੁੰਦਾ ਜੇ ਮੈਂ ਇੱਕ ਤਾਰਾ ਹੁੰਦਾ,
ਦਿਨ ਵੇਲੇ ਸੌਂਦਾ ਤੇ ਰਾਤ ਨੂੰ ਜਾਗਦਾ,
ਨਾਮ ਹੁੰਦਿਆਂ ਹੋਇਆ ਵੀ ਅਨਜਾਨ ਹੁੰਦਾ ਤੇ ਲੱਖਾਂ ਵਿੱਚ ਵੀ ਇਕੱਲਾ ਹੁੰਦਾ,
ਬਸ, ਚਮਕਦੇ ਰਹਿਣਾ ਹੀ ਮੇਰਾ ਕੰਮ ਹੁੰਦਾ ਤੇ ਸਮਾਂ ਆਉਣ ਤੇ ਮਰ ਜਾਂਦਾ।
ਚੰਗਾ ਹੁੰਦਾ ਜੇ ਮੈਂ ਇੱਕ ਸਮੁੰਦਰੀ ਜੀਵ ਹੁੰਦਾ,
ਹਰ ਸਮਾਂ ਪਾਣੀ ਨਾਲ ਖੇਡਦਾ।
ਕਦੇ ਇੱਧਰ ਕਦੇ ਓਧਰ ਭੋਜਨ ਦੀ ਤਲਾਸ਼ ਵਿੱਚ ਪਰ ਪਾਣੀ ਤੋਂ ਬਾਹਰ ਨਾ ਆਉਂਦਾ,
ਬਸ, ਤੈਰਦੇ ਰਹਿਣਾ ਹੀ ਮੇਰਾ ਕੰਮ ਹੁੰਦਾ ਤੇ ਸਮਾਂ ਆਉਣ ਤੇ ਮਰ ਜਾਂਦਾ।
ਚੰਗਾ ਹੁੰਦਾ ਜੇ ਮੈਂ ਇੱਕ ਖ਼ਿਆਲ ਹੁੰਦਾ,
ਬਣਦਾ ਤੇ ਬਿਗੜਦਾ, ਕਦੇ ਜਾਗਦੇ ਹੋਏ ਕਦੇ ਸੁੱਤਿਆਂ ਹੀ,
ਕਦੇ ਕਾਮਯਾਬ ਹੁੰਦਾ ਤੇ ਕਦੇ ਫ਼ੇਲ, ਕਦੇ ਛੇਤਾ ਕਰਦਾ ਤੇ ਕਦੀ ਦੇਰ,
ਬਸ, ਆਉਣਾ-ਜਾਣਾ ਹੀ ਮੇਰਾ ਕੰਮ ਹੁੰਦਾ ਤੇ ਸਮਾਂ ਆਉਣ ਤੇ ਮਰ ਜਾਂਦਾ।
ਚੰਗਾ ਹੁੰਦਾ ਜੇ ਮੈਂ ਕੁੱਝ ਵੀ ਨਾ ਹੁੰਦਾ,
ਨਾ ਕੋਈ ਸ਼ਰੀਰ ਹੁੰਦਾ ਨਾ ਕੋਈ ਸੋਚ ਹੁੰਦੀ, ਨਾ ਆਪਣਾ ਨਾ ਪਰਾਇਆ,
ਨਾ ਕੋਈ ਮੇਰਾ ਨਾ ਮੈਂ ਕਿਸੇ ਦਾ ਹੁੰਦਾ,
ਬਸ, ਨਾ ਹੋਣਾ ਹੀ ਮੇਰਾ ਕੰਮ ਹੁੰਦਾ ਤੇ ਬਿਨ੍ਹਾਂ ਹੋਇਆਂ ਹੀ ਮਰ ਜਾਂਦਾ।